ਗੁਰਦੁਆਰਾ ਈਸ਼ਰ ਸਰ ਸਾਹਿਬ

ਗੁ: ਈਸ਼ਰ ਸਰ ਸਾਹਿਬ ਜੋ ਕਿ ਇਲਾਕਾ ਨਿਵਾਸੀ ਸੰਗਤ ਦੀ ਦਿਲੀ ਇੱਛਾ ਅਤੇ ਸਹਿਯੋਗ ਨਾਲ ਪਟਿਆਲਾ ਤੋ ਸਮਾਣਾ ਪਾਤੜਾਂ ਮੇਨ ਰੋਡ ਪਟਿਆਲਾ ਤੋਂ 22 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਬਿਜਲਪੁਰ ਬੱਸ ਸਟੈਂਡ ਢੈਂਠਲ ਵਿਖੇ ਸੰਨ 1991 ਵਿੱਚ ਸਥਾਪਿਤ ਕੀਤਾ ਗਿਆ। ਇਸ ਮਹਾਨ ਪਵਿੱਤਰ ਅਸਥਾਨ ਦੀ ਸੇਵਾ ਸਤਿਕਾਰ ਯੋਗ ਬਾਬਾ ਰਣਜੋਧ ਸਿੰਘ ਜੀ ਦੀ ਦੇਖ-ਰੇਖ ਵਿੱਚ ਆਰੰਭ ਹੋਈ ਅਤੇ ਨਿਰੰਤਰ ਚੱਲ ਰਹੀ ਹੈ। ਇਸ ਅਸਥਾਨ ਦੀ ਸੇਵਾ ਸੰਭਾਲਣ ਤੋ ਪਹਿਲਾਂ ਬਾਬਾ ਰਣਜੋਧ ਸਿੰਘ ਜੀ ਲਗਾਤਾਰ 20 ਸਾਲ ਗੁਰਦੁਆਰਾ ਰਾੜਾ ਸਾਹਿਬ ਅਤੇ ਧਬਲਾਨ ਵਿਖੇ ਨਿਸ਼ਕਾਮ ਸੇਵਾ ਨਿਭਾਉਂਦੇ ਰਹੇ। ਸਮਾਣਾ ਇਲਾਕੇ ਦੀ ਸੰਗਤ ਦਾ ਹੁਕਮ ਮੰਨ ਕੇ ਨੌਜਵਾਨ ਪੀੜੀ ਨੂੰ ਨਸ਼ਿਆਂ ਅਤੇ ਪਤਿਤਪੁਣੇ ਦੀ ਮਾਰ ਤੋ ਬਚਾਉਣ ਲਈ ਗੁਰਮਤਿ ਦੀ ਰੌਸ਼ਨੀ ਵਿੱਚ ਦਿਨ-ਰਾਤ ਯਤਨਸ਼ੀਲ ਹਨ। ਬਾਬਾ ਜੀ ਵਲੋ ਗੁਰਬਾਣੀ ਕੀਰਤਨ ਅਤੇ ਗੁਰਮਤਿ ਪ੍ਰਚਾਰ ਦੀ ਸੇਵਾ ਬਚਪਨ ਤੋ ਇਸ ਪਵਿੱਤਰ ਅਸਥਾਨ ਨਾਲ ਜੁੜੇ ਹੋਏ ਭਾਈ ਹਰਦੀਪ ਸਿੰਘ ਜੀ ਨੂੰ ਸੌਂਪੀ ਹੋਈ ਹੈ, ਜਿਸ ਨੂੰ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾ ਰਹੇ ਹਨ। ਜੱਥੇ ਦੇ ਬਾਕੀ ਸਿੰਘ ਵੀ ਉਹਨਾਂ ਨਾਲ ਭਰਪੂਰ ਸਹਿਯੋਗ ਕਰਕੇ ਆਪਣਾ ਯੋਗਦਾਨ ਪਾ ਰਹੇ ਹਨ।
ਇਸ ਪਾਵਨ ਅਸਥਾਨ ਦੇ ਦਰਸ਼ਨ ਕਰਕੇ ਮਨ ਸਹਿਜੇ ਹੀ ਸ਼ਾਂਤ ਹੋ ਜਾਂਦਾ ਹੈ। ਜਿੱਥੇ ਦਿਨ ਰਾਤ ਕੇਵਲ ਨਾਮ ਸਿਮਰਨ ਨੂੰ ਦ੍ਰਿੜ ਕਰਨ ਅਤੇ ਕਰਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਥੇ ਆਪ ਮੁਹਾਰੇ ਹੀ ਗੁਰੂ ਸਾਹਿਬ ਦੇ ਮਹਾਂਵਾਕ: ”ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥” ਸੁਣਾਈ ਦਿੰਦੇ ਹਨ। ਬਾਬਾ ਜੀ ਦੇ ਇਸ ਅਸਥਾਨ ਤੇ ਆਉਣ ਨਾਲ ਜਿਥੇ ਇਹ ਅਸਥਾਨ ਨਾਮ-ਬਾਣੀ ਦੇ ਪ੍ਰਚਾਰ-ਪ੍ਰਸਾਰ ਨਾਲ ਹਰਿਆ-ਭਰਿਆ ਹੋਇਆ ਉਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਦਿੱਤਾ ਹੋਇਆ ਪਾਵਨ ਉਪਦੇਸ਼ : “ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ॥” ਦ੍ਰਿੜ ਕਰਵਾਇਆ ਜਾ ਰਿਹਾ ਹੈ।

ਇਸ ਪਾਵਨ ਅਸਥਾਨ ਤੇ ਸੰਗਤਾਂ ਦੇ ਦਰਸ਼ਨਾਂ ਲਈ ਇੱਕ ਪਾਵਨ ਇਮਾਰਤ ਦੀ ਉਸਾਰੀ ਕੀਤੀ ਗਈ ਹੈ। ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹਨ। ਇਸ ਇਮਾਰਤ ਨੂੰ ਸੰਗਤਾਂ ਦਰਬਾਰ ਸਾਹਿਬ ਪੁਕਾਰਦੀਆਂ ਹਨ। ਅਤਿ ਆਧੁਨਿਕ ਨਮੂਨੇ ਨਾਲ ਇੱਕ ਵੱਡ ਅਕਾਰੀ ਦੀਵਾਨ ਹਾਲ ਦੀ ਉਸਾਰੀ ਕਰਵਾਈ ਜਾ ਰਹੀ ਹੈ ਤਾਂ ਕਿ ਸੰਗਤਾਂ ਦੇ ਇਕੱਠ ਲਈ ਲੋੜੀਦੀ ਜਗ੍ਹਾ ਤਿਆਰ ਹੋ ਸਕੇ।ਦਰਬਾਰ ਸਾਹਿਬ ਦੇ ਸਾਹਮਣੇ ਗੁਰੂ ਘਰ ਦੀ ਮਰਿਯਾਦਾ ਅਤੇ ਸੰਗਤ ਪੰਗਤ ਦੇ ਗੁਰੂ ਸਾਹਿਬ ਵਲੋ ਬਖਸ਼ੇ ਸਿਧਾਂਤ ਮੁਤਾਬਿਕ ਇੱਕ ਸੁੰਦਰ ਲੰਗਰ ਹਾਲ ਬਣਿਆ ਹੈ ਜਿਥੇ ਸੰਗਤਾਂ ਦੇ ਸਹਿਯੋਗ ਨਾਲ ਦਿਨ ਰਾਤ ਲੰਗਰ ਚਲਦੇ ਹਨ। ਦਰਬਾਰ ਸਾਹਿਬ ਦੇ ਪਿਛਲੇ ਪਾਸੇ ਇੱਕ ਸੁੰਦਰ ਵਿਹੜੇ ਵਿੱਚ ਸੰਗਤਾਂ ਦੀ ਰਿਹਾਇਸ਼ ਲਈ ਡੇਢ ਦਰਜਨ ਦੇ ਕਰੀਬ ਵਿਸ਼ਾਲ, ਸੁੰਦਰ ਅਤੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹਵਾਦਾਰ ਕਮਰੇ ਬਣਾਏ ਗਏ ਹਨ। ਜਿਸ ਵਿੱਚ ਯਾਤਰੀਆਂ ਨੂੰ ਬਿਨਾਂ ਕਿਸੇ ਅਵਜਾਨੇ ਠਹਿਰਾਇਆ ਜਾਂਦਾ ਹੈ।

ਗੁਰਦੁਆਰਾ ਸਾਹਿਬ ਦੀ ਹਦੁਦ ਅੰਦਰ ਦਾਖਲ ਹੁੰਦਿਆਂ ਦਰਬਾਰ ਸਾਹਿਬ ਨੂੰ ਜਾਣ ਰਸਤੇ ਦੇ ਦੋਨੋਂ ਤਰਫ ਸੁੰਦਰ ਪਾਰਕਾਂ ਬਣਾਈਆਂ ਗਈਆਂ ਹਨ ਅਤੇ ਨਾਲ ਹੀ ਸੰਗਤਾਂ ਦੀ ਆਵਾਜਾਈ ਦੇ ਸਾਧਨਾਂ ਲਈ ਬੜੀ ਅੱਛੀ ਪਾਰਕਿੰਗ ਦੀ ਸੁਵਿਧਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

ਡਾ: ਦਿਲਵਰ ਸਿੰਘ
ਗੁਰਮਤਿ ਕਾਲਜ ਪਟਿਆਲਾ।

 style="display:inline-block;width:728px;height:90px"
data-ad-client="ca-pub-3466713646357510"
data-ad-slot="9896063843">